English Hindi October 21, 2020

ਖ਼ਬਰਾਂ ਦੇਸ਼–ਵਿਦੇਸ਼ ਦੀਆਂ

ਕਿਸਾਨ ਜਥੇਬੰਦੀਆਂ ਕੇਂਦਰ ਨਾਲ ਗੱਲਬਾਤ ਕਰਨ ਲਈ ਦਿੱਲੀ ਰਵਾਨਾ

October 14, 2020 10:20 AM
ਕੇਂਦਰ ਸਰਕਾਰ ਨਾਲ ਗੱਲਬਾਤ ਲਈ ਬੱਸ ਰਾਹੀਂ ਦਿੱਲੀ ਜਾ ਰਹੇ ਵੱਖ-ਵੱਖ ਜਥੇਬੰਦੀਆਂ ਦੇ ਆਗੂ ।

ਜੋਗਿੰਦਰ ਸਿੰਘ ਮਾਨ
ਮਾਨਸਾ 14 ਅਕਤੂਬਰ
ਪੰਜਾਬ ਵਿਚ ਖੇਤੀ ਕਾਨੂੰਨਾਂ ਵਿਰੁੱਧ ਸੰਘਰਸ਼ ਦੇ ਰਾਹ ਪਈਆਂ ਕਿਸਾਨ ਜਥੇਬੰਦੀਆਂ ਕੇਂਦਰ ਸਰਕਾਰ ਵਲੋਂ ਗੱਲਬਾਤ ਲਈ ਦਿੱਤੇ ਸੱਦੇ ਨੂੰ ਪ੍ਰਵਾਨ ਕਰਨ ਤੋਂ ਬਾਅਦ ਅੱਜ ਸਵੇਰੇ ਹੀ ਦਿੱਲੀ ਲਈ ਰਵਾਨਾ ਹੋ ਗਈਆਂ ਹਨ । ਇਨ੍ਹਾਂ ਜਥੇਬੰਦੀਆਂ ਵਿਚੋਂ ਬਹੁਤਿਆਂ ਨੇ ਚੰਡੀਗੜ੍ਹ ਤੋਂ ਸਾਂਝੇ ਤੌਰ ਉੱਤੇ ਵਿਸ਼ੇਸ਼ ਬੱਸ ਬੁੱਕ ਕਰਵਾ ਲਈ ਹੈ, ਜੋ ਚੰਡੀਗੜ੍ਹ ਤੋਂ ਸਵੇਰੇ ਪੰਜ ਵਜੇ ਦਿੱਲੀ ਲਈ ਰਵਾਨਾ ਹੋਈ ਹੈ , ਜਦੋਂ ਕਿ ਕਈ ਹੋਰ ਧਿਰਾਂ ਆਪਣੇ ਤੌਰ 'ਤੇ ਵੀ ਨਿਜੀ ਵਾਹਨਾਂ ਰਾਹੀਂ ਦਿੱਲੀ ਲਈ ਤੁਰ ਪਏ ਹਨ ।
ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਰੁਲਦੂ ਸਿੰਘ ਮਾਨਸਾ ਨੇ ਇਸ ਪੱਤਰਕਾਰ ਨੂੰ ਦੱਸਿਆ ਕਿ ਮੀਟਿੰਗ ਵਾਸਤੇ ਸਭ ਜਥੇਬੰਦੀਆਂ ਦੇ ਆਗੂਆਂ ਨਾਲ ਦਿੱਲੀ ਲਈ ਤੁਰਨ ਦੇ ਬਕਾਇਦਾ ਸੁਨੇਹੇ ‌ਮਿਲ ਗਏ ਹਨ । ਉਨ੍ਹਾਂ ਕਿਹਾ ਕਿ 29 ਕਿਸਾਨ ਧਿਰਾਂ ਦੇ ਆਗੂ ਪਹਿਲਾਂ ਇਕੱਠੇ ਹੋ ਕੇ ਆਪਣੀ ਸੰਖੇਪ ਮੀਟਿੰਗ ਕਰਨਗੇ ਅਤੇ ਬਾਅਦ ਵਿੱਚ ਖੇਤੀ ਮੰਤਰਾਲੇ ਦੇ ਸੱਕਤਰ ਸੰਜੇ ਅੱਗਰਵਾਲ ਦੀ ਦਿੱਤੇ ਸੱਦੇ ਮੁਤਾਬਕ ਕਿ੍ਸੀ਼‌ ਭਵਨ ਵਿਖੇ ਮੀਟਿੰਗ ਵਿੱਚ ਭਾਗ ਲੈਣਗੇ। ਉਨ੍ਹਾਂ ਦੱਸਿਆ ਕਿ ਜਥੇਬੰਦੀਆਂ ਵੱਲੋਂ ਤਿੰਨ ਖੇਤੀ ਕਾਨੂੰਨ ਵਾਪਸ ਲੈਣ, ਫਸਲਾਂ ਦੇ ਭਾਅ ਡਾ ਸਵਾਮੀ ਨਾਥਨ ਦੀ ਰਿਪੋਰਟ ਅਨੁਸਾਰ ਮਿੱਥਣ, ਸਾਰੀਆਂ ਜਿਣਸਾਂ ਦੀ ਖਰੀਦ ਘੱਟੋ-ਘੱਟ ਸਮਰਥਨ ਮੁੱਲ ਮੁਤਾਬਕ ਹੋਣ ਦੀ ਗਰੰਟੀ ਦੀ ਗੱਲ ਕਰਨਗੀਆਂ।
ਭਾਰਤੀ ਕਿਸਾਨ ਯੂਨੀਅਨ (ਮਾਨਸਾ) ਦੇ ਸੂਬਾ ਪ੍ਰਧਾਨ ਬੋਘ ਸਿੰਘ ਨੇ ਦੱਸਿਆ ਕਿ ਮੀਟਿੰਗ ਲਈ ਸਾਰੀਆਂ ਜਥੇਬੰਦੀਆਂ ਦੀ ਪੂਰੀ ਤਿਆਰੀ ਹੈ ਅਤੇ ਇਸ ਵਾਸਤੇ 7 ਮੈਂਬਰੀ ਕਮੇਟੀ ਦੇ ਮੈਂਬਰ ਬਲਵੀਰ ਸਿੰਘ ਰਾਜੇਵਾਲ, ਡਾ ਦਰਸ਼ਨ ਪਾਲ, ਜਗਮੋਹਨ ਸਿੰਘ ਪਟਿਆਲਾ, ਜਗਜੀਤ ਸਿੰਘ ਡੱਲੇਵਾਲ, ਸੁਰਜੀਤ ਸਿੰਘ ਫੂਲ, ਸਤਨਾਮ ਸਿੰਘ ਸਾਹਨੀ ਕੁਲਵੰਤ ਸਿੰਘ ਸੰਧੂ ਅੰਨਦਾਤਾ ਦਾ ਦਰਦ ਕੇਂਦਰ ਸਰਕਾਰ ਸਾਹਮਣੇ ਰੱਖਣਗੇ।
ਉਧਰ ਇਹ ਵੀ ਪਤਾ ਲੱਗਿਆ ਹੈ ਕਿ ਕੇਂਦਰ ਸਰਕਾਰ ਵਲੋਂ ਵੀ ਕਿਸਾਨ ਜਥੇਬੰਦੀਆਂ ਦੇ ਆਗੂਆਂ ਨਾਲ ਗੱਲਬਾਤ ਲਈ ਖ਼ਾਕਾ ਤਿਆਰ ਕਰ ਲਿਆ ਗਿਆ ਹੈ, ਜਿਸ ਲਈ ਕੇਂਦਰੀ ਖੇਤੀਬਾੜੀ ਮੰਤਰਾਲੇ ਦੇ ਸੱਕਤਰ ਸੰਜੇ ਅੱਗਰਵਾਲ ਨੇ ਪੰਜਾਬ ਸਰਕਾਰ ਪਾਸੋ ਵੇਰਵੇ ਹਾਸਲ ਕਰ ਲਏ ਗਏ ਹਨ।

Have something to say? Post your comment