English Hindi October 20, 2020

ਪੰਜਾਬ ਦਰਪਣ

ਕਿਸਾਨ ਘੋਲ਼ ਦੇ ਤੇਰ੍ਹਵੇਂ ਦਿਨ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਵੱਲੋਂ ਅੱਜ 57 ਥਾਈਂ ਧਰਨੇ

October 13, 2020 05:45 PM
ਸੁਨਾਮ ਵਿਖੇ ਭਾਜਪਾ ਦੇ ਸੂਬਾ ਜਨਰਲ ਸਕੱਤਰ ਪਰੇਮ ਗੁਗਨਾਨੀ ਦੇ ਘਰ ਅੱਗੇ ਧਰਨਾ

ਜੋਗਿੰਦਰ ਸਿੰਘ ਮਾਨ
ਮਾਨਸਾ / ਚੰਡੀਗੜ੍ਹ 13 ਅਕਤੂਬਰ

ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਵੱਲੋਂ ਕਾਲੇ ਖੇਤੀ ਕਾਨੂੰਨਾਂ ਵਿਰੁੱਧ ਕਿਸਾਨ ਜਥੇਬੰਦੀਆਂ ਦੇ ਅਣਮਿਥੇ ਸਮੇਂ ਦੇ ਤਾਲਮੇਲਵੇਂ ਸੰਘਰਸ਼ ਦੇ ਤੇਰ੍ਹਵੇਂ ਦਿਨ ਅੱਜ 13 ਜਿਲ੍ਹਿਆਂ ‘ਚ ਦੋ ਥਾਂਵਾਂ ਤੋਂ ਰੇਲਜਾਮ ਸ਼ਿਫਟ ਕਰਕੇ 4 ਹੋਰ ਭਾਜਪਾ ਆਗੂਆਂ ਦੇ ਘਰਾਂ ਅੱਗੇ ਧਰਨੇ ਲਾਉਣ ਨਾਲ ਧਰਨਿਆਂ ਦੀ ਗਿਣਤੀ 55 ਹੋ ਗਈ। ਜਥੇਬੰਦੀ ਦੇ ਜਨਰਲ ਸਕੱਤਰ ਰਿਸੁਖਦੇਵ ਸਿੰਘ ਕੋਕਰੀ ਕਲਾਂ ਨੇ ਇੱਥੇ ਜਾਰੀ ਕੀਤੇ ਪ੍ਰੈਸਨੋਟ ਰਾਹੀਂ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅੱਜ ਸੁਨਾਮ ‘ਚ ਰਿਸ਼ੀਪਾਲ ਖਹਿਰਾ, ਸੰਗਰੂਰ ‘ਚ ਸਤਵੰਤ ਸਿੰਘ ਪੂਨੀਆ ਮੋਗਾ ‘ਚ ਤਰਲੋਚਨ ਸਿੰਘ ਗਿੱਲ , ਨਾਭਾ ‘ਚ ਸੁਰਿੰਦਰ ਗਰਗ ਭਾਜਪਾ ਆਗੂਆਂ ਦੇ ਘਰਾਂ ਅੱਗੇ ਪੱਕੇ ਧਰਨੇ ਸ਼ੁਰੂ ਕਰ ਦਿੱਤੇ ਗਏ ਹਨ। ਇਹਨਾਂ ਤੋਂ ਬਿਨਾਂ 2 ਭਾਜਪਾ ਆਗੂਆਂ, 10 ਟੌਲ ਪਲਾਜ਼ਿਆਂ, 4 ਸ਼ਾਪਿੰਗ ਮਾਲਜ਼, 1ਅਡਾਨੀ ਗੋਦਾਮ, 23 ਰਿਲਾਇੰਸ ਪੰਪਾਂ, 10 ਐੱਸਾਰ ਪੰਪਾਂ ਤੇ ਵਣਾਂਵਾਲੀ ਥਰਮਲ ਪਲਾਂਟ ‘ਤੇ ਪਹਿਲਾਂ ਤੋਂ ਹੀ ਧਰਨੇ ਜਾਰੀ ਹਨ। ਕੱਲ੍ਹ ਤੋਂ ਬੁਢਲਾਢਾ ਸੁਖਦਰਸ਼ਨ ਸ਼ਰਮਾ, ਰਾਮਪੁਰਾ ਮੱਖਣ ਜਿੰਦਲ, ਬਰਨਾਲਾ ਯਾਦਵਿੰਦਰ ਸ਼ੰਟੀ 3 ਹੋਰ ਭਾਜਪਾ ਆਗੂਆਂ ਦੇ ਘਰਾਂ ਅੱਗੇ ਧਰਨੇ ਸ਼ੁਰੂ ਕੀਤੇ ਜਾਣਗੇ। ਧਰਨਿਆਂ ਵਾਲੇ ਟੌਲ ਪਲਾਜ਼ਿਆਂ ‘ਤੇ ਸਾਰੇ ਵਹੀਕਲ ਬਿਨਾਂ ਟੌਲ ਟੈਕਸ ਤੋਂ ਹੀ ਲੰਘਾਏ ਜਾ ਰਹੇ ਹਨ ਅਤੇ ਰਿਲਾਇੰਸ ਤੇ ਐੱਸਾਰ ਦੇ ਪੰਪਾਂ ਤੋਂ ਕੋਈ ਵੀ ਤੇਲ ਨਹੀਂ ਪੁਆਇਆ ਜਾ ਰਿਹਾ। ਪੰਜਾਬ ਭਰ ਵਿੱਚ ਲਗਾਤਾਰ ਅੱਗੇ ਵਧ ਰਹੇ ਮੌਜੂਦਾ ਸਾਂਝੇ ਘੋਲ਼ ਦਾ ਨਿਸ਼ਾਨਾ ਲੁਟੇਰੇ ਕਾਰਪੋਰੇਟਾਂ ਤੇ ਭਾਜਪਾ ਗੱਠਜੋੜ ਨੂੰ ਜ਼ਬਰਦਸਤ ਸਿਆਸੀ ਨਿਖੇੜੇ ਦੀ ਮਾਰ ਹੇਠ ਲਿਆਉਣਾ ਹੈ ਤਾਂ ਕਿ ਉਹ ਕਾਲੇ ਖੇਤੀ ਕਾਨੂੰਨ ਵਾਪਸ ਲੈਣ ਲਈ ਮਜਬੂਰ ਹੋ ਜਾਣ। ਥਾਂ ਥਾਂ ਭਾਰੀ ਗਿਣਤੀ ‘ਚ ਨੌਜਵਾਨਾਂ, ਔਰਤਾਂ ਅਤੇ ਕੁੱਝ ਥਾਂਈਂ ਸਕੂਲੀ ਬੱਚਿਆਂ ਸਮੇਤ ਕੁੱਲ ਮਿਲਾ ਕੇ 50 ਹਜ਼ਾਰ ਤੋਂ ਵੱਧ ਗਿਣਤੀ ‘ਚ ਪੁੱਜੇ ਇਕੱਠਾਂ ਨੂੰ ਸੰਬੋਧਨ ਕਰਨ ਵਾਲੇ ਜਥੇਬੰਦੀ ਦੇ ਮੁੱਖ ਬੁਲਾਰਿਆਂ ਵਿੱਚ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ, ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ, ਮੀਤ ਪ੍ਰਧਾਨ ਜਸਵਿੰਦਰ ਸਿੰਘ ਲੌਂਗੋਵਾਲ, ਸੂਬਾ ਆਗੂ ਹਰਿੰਦਰ ਕੌਰ ਬਿੰਦੂ, ਸ਼ਿੰਗਾਰਾ ਸਿੰਘ ਮਾਨ, ਸਨੇਹਦੀਪ ਤੇ ਰਾਜਵਿੰਦਰ ਸਿੰਘ ਰਾਮਨਗਰ ਸਮੇਤ ਵੱਖ ਵੱਖ ਜਿਲ੍ਹਾ ਆਗੂ ਅਤੇ ਨਵੇਂ ਨੌਜਵਾਨ ਮੁੰਡੇ ਕੁੜੀਆਂ ਵੀ ਸ਼ਾਮਲ ਹਨ। ਬੁਲਾਰਿਆਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੀ ਅਤੀ ਨਿੰਦਣਯੋਗ ਘਟਨਾ ਨੂੰ ਸਿਖਰਾਂ ਵੱਲ ਵਧ ਰਹੇ ਕਿਸਾਨ ਘੋਲ਼ ਤੋਂ ਲੋਕਾਂ ਦਾ ਧਿਆਨ ਪਾਸੇ ਹਟਾਉਣ ਵਾਲੀ ਹੁਕਮਰਾਨਾਂ ਦੀ ਗਿਣੀਮਿਥੀ ਫਿਰਕੂ ਸਾਜ਼ਿਸ਼ ਕਰਾਰ ਦਿੱਤਾ ਅਤੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦੇਣ ਤੋਂ ਇਲਾਵਾ ਪੂਰੀ ਸਾਜ਼ਿਸ਼ ਦਾ ਪਰਦਾਫਾਸ਼ ਕਰਨ ਦੀ ਮੰਗ ਵੀ ਕੀਤੀ। ਬੀਤੇ ਦਿਨ ਹੁਸ਼ਿਆਰਪੁਰ ਵਿਖੇ ਭਾਜਪਾ ਆਗੂ ਦੀ ਗੱਡੀ ਦੀ ਭੰਨਤੋੜ ਦੀ ਭੜਕਾਊ ਕਾਰਵਾਈ ‘ਤੇ ਟਿੱਪਣੀ ਕਰਦਿਆਂ ਉਹਨਾਂ ਨੇ ਸਪਸ਼ਟ ਕੀਤਾ ਕਿ ਅਜਿਹੀਆਂ ਭੜਕਾਊ ਕਾਰਵਾਈਆਂ ਸੰਘਰਸ਼ਸ਼ੀਲ ਜਥੇਬੰਦੀਆਂ ਦੀ ਨੀਤੀ ਦਾ ਹਿੱਸਾ ਨਹੀਂ ਹਨ, ਕਿਉਂਕਿ ਇਹ ਘੋਲ਼ ਨੂੰ ਬਦਨਾਮ ਕਰਕੇ ਨੁਕਸਾਨ ਪਹੁੰਚਾਉਂਦੀਆਂ ਹਨ । ਬੁਲਾਰਿਆਂ ਨੇ ਦੋਸ਼ ਲਾਇਆ ਕਿ ਕਾਲੇ ਖੇਤੀ ਕਾਨੂੰਨ ਪੂਰੀ ਖੇਤੀ ਮੰਡੀ ਨੂੰ ਦੇਸੀ ਵਿਦੇਸ਼ੀ ਸਾਮਰਾਜੀ ਕਾਰਪੋਰੇਟਾਂ ਹਵਾਲੇ ਕਰਕੇ ਅਤੇ ਕਿਸਾਨਾਂ ਤੋਂ ਵਾਹੀਯੋਗ ਜ਼ਮੀਨਾਂ ਹਥਿਆ ਕੇ ਵੱਡੇ ਕਾਰਪੋਰੇਟ ਖੇਤੀ ਫਾਰਮ ਉਸਾਰਨ ਦੇ ਸੰਦ ਹਨ। ਇਸ ਤਰ੍ਹਾਂ ਇਹ ਛੋਟੀ ਦਰਮਿਆਨੀ ਕਿਸਾਨੀ ਦੀ ਮੌਤ ਦੇ ਵਰੰਟ ਹਨ।ਉਹਨਾਂ ਨੇ ਦਾਅਵਾ ਕੀਤਾ ਕਿ ਅਣਖੀਲੇ ਜੁਝਾਰੂ ਕਿਸਾਨ ਮਜ਼ਦੂਰ ਤੇ ਸੰਘਰਸ਼ਸ਼ੀਲ ਕਿਰਤੀ ਲੋਕ ਇਹਨਾਂ ਕਾਨੂੰਨਾਂ ਵਿਰੁੱਧ ਲੰਬੇ ਜਾਨਹੂਲਵੇਂ ਤੇ ਵਿਸ਼ਾਲ ਸੰਘਰਸ਼ਾਂ ਦੀ ਝੜੀ ਲਾ ਕੇ ਇਹਨਾਂ ਕਾਲ਼ੇ ਕਾਨੂੰਨਾਂ ਨੂੰ ਰੱਦ ਕਰਨ ਲਈ ਕੇਂਦਰ ਸਰਕਾਰ ਨੂੰ ਮਜਬੂਰ ਕਰ ਦੇਣਗੇ। ਇਸ ਘੋਲ਼ ਵਿੱਚ ਖੇਤ ਮਜ਼ਦੂਰਾਂ, ਸਨਅਤੀ ਮਜ਼ਦੂਰਾਂ, ਦੁਕਾਨਦਾਰਾਂ, ਛੋਟੇ ਵਪਾਰੀਆਂ, ਮੁਲਾਜ਼ਮਾਂ, ਠੇਕਾ ਮੁਲਾਜ਼ਮਾਂ, ਡਾਕਟਰਾਂ ਅਤੇ ਲੋਕ ਪੱਖੀ ਕਲਾਕਾਰਾਂ ਸਭਨਾਂ ਵੱਲੋਂ ਕੀਤੇ ਜਾ ਰਹੇ ਸਹਿਯੋਗ ਦਾ ਬੁਲਾਰਿਆਂ ਨੇ ਧੰਨਵਾਦ ਕੀਤਾ। ਕਿਸਾਨ ਜਥੇਬੰਦੀਆਂ ਦੇ ਮੌਜੂਦਾ ਘੋਲ਼ ਦੇ ਵਧਾਰੇ ਪਸਾਰੇ ਲਈ ਦਿਨ ਰਾਤ ਇੱਕ ਕਰ ਰਹੇ ਡਾ: ਸਾਹਿਬ ਸਿੰਘ, ਜਗਸੀਰ ਜੀਦਾ, ਤੀਰਥ ਚੜਿੱਕ, ਰਾਮ ਸਿੰਘ ਹਠੂਰ, ਹਰਵਿੰਦਰ ਦੀਵਾਨਾ, ਕਵੀਸ਼ਰੀ ਜੱਥਾ ਰਸੂਲਪੁਰ, ਤਰਸੇਮ ਰਾਹੀ, ਭੈਣ ਮਨਜੀਤ ਔਲਖ ਤੇ ਹੋਰ ਅਨੇਕਾਂ ਕਲਾਕਾਰਾਂ ਤੋਂ ਇਲਾਵਾ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸੱਦੇ ‘ਤੇ ਲੇਖਕਾਂ ਬੁੱਧੀਜੀਵੀਆਂ ਵੱਲੋਂ ਕੱਲ੍ਹ ਵੱਡੀ ਗਿਣਤੀ ‘ਚ ਇਕੱਠੇ ਹੋ ਕੇ ਕਿਸਾਨ ਘੋਲ਼ ਦਾ ਡਟਵਾਂ ਸਾਥ ਦੇਣ ਦੇ ਐਲਾਨ ਦਾ ਵੀ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ ਗਿਆ। ਪ੍ਰੰਤੂ ਕਲਾਕਾਰਾਂ ਦੇ ਪਰਦੇ ਓਹਲੇ ਕੁੱਝ ਮੌਕਾਪ੍ਰਸਤ ਫਿਰਕੂ ਸਿਆਸਤਦਾਨਾਂ ਵੱਲੋਂ ਬੇਹੱਦ ਭੜਕਾਊ ਭਾਸ਼ਣਾਂ ਰਾਹੀਂ ਕਾਲੇ ਖੇਤੀ ਕਾਨੂੰਨਾਂ ਦੇ ਮੁਕਾਬਲੇ ‘ਤੇ ਫਿਰਕਾਪ੍ਰਸਤ ਮਸਲੇ ਉਭਾਰ ਕੇ ਭੜਕਾਊ ਹਿੰਸਕ ਮਹੌਲ ਪੈਦਾ ਕਰਨ ਦੇ ਨਾਪਾਕ ਯਤਨਾਂ ਤੋਂ ਖਾਸ ਕਰਕੇ ਨੌਜਵਾਨਾਂ ਨੂੰ ਖਬਰਦਾਰ ਰਹਿਣ ਉੱਤੇ ਜ਼ੋਰ ਦਿੱਤਾ ਗਿਆ। ਉਹਨਾਂ ਨੇ ਜ਼ੋਰਦਾਰ ਮੰਗ ਕੀਤੀ ਕਿ ਤਿੰਨੇ ਕਾਲੇ ਖੇਤੀ ਕਾਨੂੰਨ ਅਤੇ ਬਿਜਲੀ ਸੋਧ ਬਿੱਲ 2020 ਸਣੇ ਭੂਮੀ ਗ੍ਰਹਿਣ ਬਿੱਲ ਦੀਆਂ ਸੋਧਾਂ ਰੱਦ ਕਰੋ। 1955 ਦੇ ਜ਼ਰੂਰੀ ਵਸਤਾਂ ਕਾਨੂੰਨ ‘ਚ ਸ਼ਾਮਲ ਸਾਰੀਆਂ ਫਸਲਾਂ ਦਾ ਐਮ ਐਸ ਪੀ ਮਿਲਣ ਦੀ ਗਰੰਟੀ ਲਈ ਸਰਕਾਰੀ ਖਰੀਦ ਦਾ ਕਾਨੂੰਨ ਬਣਾਓ। ਬੁਲਾਰਿਆਂ ਨੇ ਦਾਅਵਾ ਕੀਤਾ ਕਿ ਧਰਨਿਆਂ ਦੀਆਂ ਥਾਂਵਾਂ ਅਤੇ ਨੌਜਵਾਨਾਂ ਤੇ ਔਰਤਾਂ ਸਮੇਤ ਕਿਸਾਨ ਲਾਮਬੰਦੀਆਂ ਵਿੱਚ ਦਿਨੋਂ ਦਿਨ ਵਾਧਾ ਹੋ ਰਿਹਾ ਹੈ। ਭਾਜਪਾ ਹਕੂਮਤ ਸਣੇ ਕਾਰਪੋਰੇਟਾਂ ਖਿਲਾਫ ਰੋਹ ਹੋਰ ਵਧੇਰੇ ਫੈਲ ਰਿਹਾ ਹੈ। ਬੁਲਾਰਿਆਂ ਨੇ ਐਲਾਨ ਕੀਤਾ ਕਿ ਮੌਜੂਦਾ ਅਣਮਿਥੇ ਸਮੇਂ ਦਾ ਸੰਘਰਸ਼ ਅੰਤਿਮ ਜਿੱਤ ਤੱਕ ਲਗਾਤਾਰ ਜਾਰੀ ਰੱਖਦੇ ਹੋਏ ਹੋਰ ਵਿਸ਼ਾਲ ਅਤੇ ਤੇਜ਼ ਕੀਤਾ ਜਾਵੇਗਾ ।

Have something to say? Post your comment

ਪੰਜਾਬ ਦਰਪਣ

ਪੀਆਰਟੀਸੀ ਠੇਕਾ ਕਾਮੇ ਹੱਕ ਪ੍ਰਾਪਤੀ ਲਈ ਹੋਏ ਲਾਮਬੰਦ

ਐਮ.ਐਸ.ਪੀ. 'ਤੇ ਖ਼ੁਦ ਦਾਣਾ-ਦਾਣਾ ਖ਼ਰੀਦਣ ਦਾ ਗਰੰਟੀ ਕਰੇ ਪੰਜਾਬ ਸਰਕਾਰ-ਅਮਨ ਅਰੋੜਾ

ਕਿਸਾਨਾਂ ਨਾਲ ਬੇਇਨਸਾਫੀ ਅੱਗੇ ਸਿਰ ਝੁਕਾਉਣ ਦੀ ਬਜਾਏ ਅਸਤੀਫਾ ਦੇਣ ਜਾਂ ਬਰਖ਼ਾਸਤ ਹੋਣ ਲਈ ਤਿਆਰ ਹਾਂ-ਕੈਪਟਨ

READY TO QUIT OR BE DISMISSED RATHER THAN BOW TO INJUSTICE TO FARMERS, SAYS CM

ਮੁੱਖ ਮੰਤਰੀ ਵੱਲੋਂ ਖੇਤੀ ਕਾਨੂੰਨਾਂ ਅਤੇ ਬਿਜਲੀ ਸੋਧ ਬਿੱਲ ਨੂੰ ਨਾਮਨਜ਼ੂਰ ਕਰਦੇ ਮਤੇ ਦਾ ਖਰੜਾ ਵਿਧਾਨ ਸਭਾ ਵਿੱਚ ਪੇਸ਼

ਅਪਡੇਟ :ਕੀ ਹੋ ਰਿਹਾ ਇਸ ਵੇਲੇ ਵਿਧਾਨ ਸਭਾ ਦੇ ਅੰਦਰ

ਪੰਜਾਬ ਵਿਧਾਨ ਸਭਾ ਵਿੱਚ ਪੇਸ਼ ਹੋਣ ਵਾਲੇ ਬਿੱਲ ਪੰਜਾਬ ਸਰਕਾਰ ਨੇ ਸਦਨ ਦੇ ਦੂਜੇ ਦਿਨ ਦੀ ਕਾਰਵਾਈ ਤੋਂ ਪਹਿਲਾਂ ਨਹੀਂ ਕੀਤੇ ਸਾਂਝੇ

MLAs of Aam Aadmi Party spent the night in the state legislative assembly building

ਆਪ ਵਿਧਾਇਕਾਂ ਨੇ ਵਿਧਾਨ ਸਭਾ ਅੰਦਰ ਗੁਜ਼ਾਰੀ ਰਾਤ, ਸੈਸ਼ਨ ਦੇ ਪਹਿਲੇ ਦਿਨ ਕਾਂਗਰਸ ਦੇ ਬਿੱਲ ਉਪਰ ਜਾਰੀ ਰਹੀਆਂ ਕਿਆਸ- ਅਰਾਈਆਂ

ਆਪ ਵਿਧਾਇਕਾਂ ਨੇ ਵਿਧਾਨ ਸਭਾ ਅੰਦਰ ਗੁਜ਼ਾਰੀ ਰਾਤ, ਸੈਸ਼ਨ ਦੇ ਪਹਿਲੇ ਦਿਨ ਕਾਂਗਰਸ ਦੇ ਬਿੱਲ ਉਪਰ ਜਾਰੀ ਰਹੀਆਂ ਕਿਆਸ- ਅਰਾਈਆਂ