English Hindi October 22, 2020

ਪੰਜਾਬ ਦਰਪਣ

ਮੰਡੀ ਬੋਰਡ ਦੇ ਸਕੱਤਰ ਵੱਲੋਂ ਜ਼ਿਲ੍ਹਾ ਲੁਧਿਆਣਾ ਦੀਆਂ ਮੰਡੀਆਂ ਦਾ ਦੌਰਾ

October 12, 2020 09:10 PM

-ਖੰਨਾ, ਦੋਰਾਹਾ ਅਤੇ ਸਾਹਨੇਵਾਲ ਮੰਡੀਆਂ ਦਾ ਦੌਰਾ ਕਰਕੇ ਖਰੀਦ ਕਾਰਜਾਂ ਦਾ ਲਿਆ ਜਾਇਜ਼ਾ

-ਸੂਬੇ ਵਿੱਚ ਹੁਣ ਤੱਕ 90%  ਝੋਨੇ ਦੀ ਕੀਤੀ ਜਾ ਚੁੱਕੀ ਹੈ ਖਰੀਦ 
-ਕੋਵਿਡ ਦੇ ਮੱਦੇਨਜ਼ਰ ਮੰਡੀਆਂ ਵਿੱਚ ਕਿਸਾਨਾਂ, ਮਜ਼ਦੂਰਾਂ ਅਤੇ ਹੋਰਾਂ ਲਈ ਕੀਤੇ ਗਏ ਪ੍ਰਬੰਧਾਂ 'ਤੇ ਤਸੱਲੀ ਪ੍ਰਗਟਾਈ

-ਕਿਸਾਨਾਂ ਨੂੰ ਨਿਰਧਾਰਤ ਨਮੀ ਵਾਲਾ ਝੋਨਾ ਮੰਡੀਆਂ ਵਿੱਚ ਲਿਆਉਣ ਦੀ ਅਪੀਲ

ਲੁਧਿਆਣਾ, 12 ਅਕਤੂਬਰ (ਜੱਸੀ ਫੱਲੇਵਾਲੀਆ) - ਸੂਬੇ ਦੀਆਂ ਮੰਡੀਆਂ ਵਿੱਚ ਝੋਨੇ ਦੀ ਨਿਰਵਿਘਨ ਖਰੀਦ ਨੂੰ ਯਕੀਨੀ ਬਣਾਉਣ ਲਈ ਮੰਡੀ ਬੋਰਡ ਦੇ ਸਕੱਤਰ ਸ੍ਰੀ ਰਵੀ ਭਗਤ ਵੱਲੋਂ ਅੱਜ ਜ਼ਿਲ੍ਹਾ ਲੁਧਿਆਣਾ ਦੀਆਂ ਮੰਡੀਆਂ ਦਾ ਦੌਰਾ ਕਰਕੇ ਕਿਸਾਨਾਂ, ਆੜ੍ਹਤੀਆਂ ਅਤੇ ਹੋਰ ਭਾਈਵਾਲਾਂ ਨਾਲ ਝੋਨੇ ਦੀ ਖਰੀਦ ਸਬੰਧੀ ਪ੍ਰਗਤੀ ਦਾ ਜਾਇਜਾ ਲਿਆ।
ਸ੍ਰੀ ਭਗਤ ਨੇ ਅੱਜ ਜ਼ਿਲ੍ਹੇ ਵਿੱਚ ਖੰਨਾ, ਦੋਰਾਹਾ ਅਤੇ ਸਾਹਨੇਵਾਲ ਮੰਡੀਆਂ ਦਾ ਦੌਰਾ ਕੀਤਾ।
ਆਪਣੇ ਦੌਰੇ ਮੌਕੇ ਸਕੱਤਰ ਨੇ ਮੰਡੀ ਬੋਰਡ ਅਤੇ ਮਾਰਕੀਟ ਕਮੇਟੀਆਂ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਤੋਂ ਇਲਾਵਾ ਕਿਸਾਨਾਂ ਅਤੇ ਆੜ੍ਹਤੀਆਂ ਨਾਲ ਗੱਲਬਾਤ ਕਰਕੇ ਮੰਡੀਆਂ ਵਿੱਚ ਚੱਲ ਰਹੇ ਨਿਰਵਿਘਨ ਖਰੀਦ ਕਾਰਜਾਂ 'ਤੇ ਤਸੱਲੀ ਜ਼ਾਹਰ ਕੀਤੀ। ਉਹਨਾਂ ਭਰੋਸਾ ਦਿੱਤਾ ਕਿ ਸੂਬਾ ਸਰਕਾਰ ਇਹਨਾਂ ਔਖੇ ਸਮਿਆਂ ਵਿੱਚ ਕਿਸਾਨਾਂ ਦੀ ਫਸਲ ਦਾ ਇਕ-ਇਕ ਦਾਣਾ ਖਰੀਦਣ ਲਈ ਵਚਨਬੱਧ ਹੈ।
ਮੰਡੀ ਬੋਰਡ ਦੇ ਸਕੱਤਰ ਨੇ ਅੱਗੇ ਦੱਸਿਆ ਕਿ ਕੋਵਿਡ ਦੇ ਮੱਦੇਨਜ਼ਰ ਇਸ ਵਾਰ ਮੰਡੀਆਂ ਦੀ ਗਿਣਤੀ ਦੁੱਗਣੀ ਤੋਂ ਵੱਧ ਕੀਤੀ ਗਈ ਹੈ। ਸੂਬੇ ਵਿੱਚ ਇਸ ਵਾਰ 4260 ਮੰਡੀਆਂ ਬਣਾਈਆਂ ਗਈਆਂ ਹਨ ਤਾਂ ਕਿ ਕਿਸਾਨਾਂ ਨੂੰ ਫਸਲ ਲਿਆਉਣ ਲਈ ਕਿਸੇ ਤਰ੍ਹਾਂ ਦੀ ਮੁਸ਼ਕਲ ਪੇਸ਼ ਨਾ ਆਵੇ। ਉਹਨਾਂ ਦੱਸਿਆ ਕਿ ਝੋਨੇ ਦੀ ਪੜਾਅਵਾਰ ਖਰੀਦ ਦੇ ਮੱਦੇਨਜ਼ਰ ਕਿਸਾਨਾਂ ਨੂੰ ਆੜ੍ਹਤੀਆਂ ਰਾਹੀਂ ਹੁਣ ਤੱਕ 10 ਲੱਖ ਕਲਰ ਕੋਡਡ ਪਾਸ ਜਾਰੀ ਕੀਤੇ ਜਾ ਚੁੱਕੇ ਹਨ ਅਤੇ ਸੂਬੇ ਦੀਆਂ ਮੰਡੀਆਂ ਵਿੱਚ ਹੁਣ ਤੱਕ 30 ਲੱਖ ਮੀਟਰਕ ਟਨ ਝੋਨੇ ਦੀ ਆਮਦ ਹੋਈ ਹੈ, ਜਿਸ ਵਿੱਚੋਂ 90 ਪ੍ਰਤੀਸ਼ਤ ਖਰੀਦ ਕਰ ਲਈ ਗਈ ਹੈ।
ਉਨ੍ਹਾਂ ਕਿਸਾਨਾਂ ਨੂੰ ਅਪੀਲ ਕਰਦਿੰਆਂ ਕਿਹਾ ਕਿ ਨਿਰਧਾਰਤ ਨਮੀ ਵਾਲਾ ਸੁੱਕਾ ਝੋਨਾ ਹੀ ਮੰਡੀਆਂ ਵਿੱਚ ਲਿਆਂਦਾ ਜਾਵੇ ਤਾਂ ਜੋ ਫਸਲ ਦੀ ਤੁਰੰਤ ਖਰੀਦ ਨੂੰ ਯਕੀਨੀ ਬਣਾਇਆ ਜਾ ਸਕੇ।

ਕੋਰੋਨਾ ਵਾਇਰਸ ਦੇ ਮੱਦੇਨਜ਼ਰ ਚੁੱਕੇ ਜਾ ਰਹੇ ਇਹਤਿਆਦੀ ਕਦਮਾਂ ਬਾਰੇ ਵਿਸਥਾਰ ਵਿੱਚ ਦੱਸਦਿਆਂ ਸਕੱਤਰ ਨੇ ਆਖਿਆ ਕਿ ਸੂਬੇ ਦੇ ਸਾਰੇ ਖਰੀਦ ਕੇਂਦਰਾਂ ਵਿੱਚ ਢੁੱਕਵੀਂ ਮਾਤਰਾ ਵਿੱਚ ਮਾਸਕ, ਸੈਨੀਟਾਈਜ਼ਰ ਤੋਂ ਇਲਾਵਾ ਹੱਥ ਧੋਣ ਲਈ ਢੁੱਕਵੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਗਈਆਂ ਹਨ। ਸਿਹਤ ਪ੍ਰੋਟੋਕੋਲ ਖਾਸ ਤੌਰ 'ਤੇ ਸਮਾਜਿਕ ਦੂਰੀ ਦੀ ਸਖਤੀ ਨਾਲ ਪਾਲਣਾ ਦੀ ਲੋੜ 'ਤੇ ਜ਼ੋਰ ਦਿੰਦਿਆਂ ਸ੍ਰੀ ਭਗਤ ਨੇ ਸਾਰੀਆਂ ਧਿਰਾਂ ਨੂੰ ਸਿਹਤ ਸੁਰੱਖਿਆ ਲਈ ਇਸ ਨੂੰ ਅਪਣਾਉਣ ਦੀ ਅਪੀਲ ਕੀਤੀ।
ਝੋਨੇ ਦਾ ਇਕ-ਇਕ ਦਾਣਾ ਖਰੀਦਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਉਹਨਾਂ ਕਿਹਾ ਕਿ ਝੋਨੇ ਦੀ ਖਰੀਦ 30 ਨਵੰਬਰ ਤੱਕ ਜਾਰੀ ਰਹੇਗੀ ਤਾਂ ਜੋ ਕਿਸਾਨ ਬਿਨਾਂ ਕਿਸੇ ਦਿੱਕਤ ਤੋਂ ਆਪਣੀ ਉਪਜ ਮੰਡੀਆਂ ਵਿੱਚ ਲਿਆ ਸਕਣ।

ਸ੍ਰੀ ਭਗਤ ਨੇ ਦੱਸਿਆ ਕਿ ਜੇਕਰ ਕਿਸੇ ਧਿਰ ਨੂੰ ਖਰੀਦ ਕਾਰਜਾਂ ਨਾਲ ਸਬੰਧਤ ਕੋਈ ਵੀ ਮੁਸ਼ਕਲ ਪੇਸ਼ ਆਉਂਦੀ ਹੈ ਤਾਂ ਉਹ ਸਬੰਧਤ ਮਾਰਕੀਟ ਕਮੇਟੀਆਂ ਅਤੇ ਮੰਡੀ ਬੋਰਡ ਦੇ ਮੋਹਾਲੀ ਸਥਿਤ ਹੈੱਡਕੁਆਰਟਰ ਵਿਖੇ ਸ਼ਿਕਾਇਤਾਂ ਦੇ ਨਿਵਾਰਨ ਲਈ ਸਥਾਪਤ ਕੀਤੇ ਸਟੇਟ ਕੰਟਰੋਲ ਰੂਮ ਨਾਲ ਸੰਪਰਕ ਕਾਇਮ ਕਰ ਸਕਦਾ ਹੈ।  ਇਸ ਮੌਕੇ ਚੇਅਰਮੈਨ ਮਾਰਕੀਟ ਕਮੇਟੀ ਖੰਨਾ ਸ੍ਰ:ਗੁਰਦੀਪ ਸਿੰਘ ਰਸੂਲੜਾ, ਚੇਅਰਮੈਨ ਮਾਰਕੀਟ ਕਮੇਟੀ ਦੋਰਾਹਾ ਸ੍ਰ. ਰਾਜਵਿੰਦਰ ਸਿੰਘ ਬੇਗੋਵਾਲ, ਐਸ.ਡੀ.ਐਮ. ਸ੍ਰ.ਸੰਦੀਪ ਸਿੰਘ, ਐਸ.ਡੀ.ਐਮ. ਸ੍ਰ.ਮਨਕੰਵਲ ਸਿੰਘ, ਡੀ.ਐਫ.ਐਸ.ਸੀ.(ਪੂਰਬੀ) ਸ੍ਰੀਮਤੀ ਹਰਲੀਨ ਕੌਰ,  ਸਕੱਤਰ ਮਾਰਕੀਟ ਕਮੇਟੀ ਸ੍ਰ.ਦਲਵਿੰਦਰ ਸਿੰਘ, ਸਕੱਤਰ ਮਾਰਕੀਟ ਕਮੇਟੀ ਸ੍ਰੀਮਤੀ ਹਰਪ੍ਰੀਤ ਕੌਰ ਅਤੇ ਪ੍ਰਧਾਨ ਆੜਤੀਆ ਐਸੋਸੀਏਸ਼ਨ ਖੰਨਾ ਸ੍ਰ.ਹਰਬੰਸ ਸਿੰਘ ਰੋਸ਼ਾ ਤੋਂ ਇਲਾਵਾ ਆੜਤੀ ਤੇ ਕਿਸਾਨ ਵੀ ਹਾਜ਼ਰ ਸਨ।

Have something to say? Post your comment