English Hindi October 21, 2020

ਖ਼ਬਰਾਂ ਦੇਸ਼–ਵਿਦੇਸ਼ ਦੀਆਂ

ਭਾਰਤੀ ਰਿਜ਼ਰਵ ਬੈਂਕ ਨੇ ਰੈਪੋ ਦਰ ਨੂੰ 4 ਫੀਸਦ ਤੇ ਰਿਵਰਸ ਰੈਪੋ ਦਰ ਨੂੰ 3.35 ਫੀਸਦ 'ਤੇ ਬਰਕਰਾਰ ਰੱਖਿਆ

October 10, 2020 07:52 AM

ਮੁੰਬਈ, 9 ਅਕਤੂਬਰ
ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ ਰੈਪੋ ਦਰ ਨੂੰ 4 ਫੀਸਦ ਤੇ ਰਿਵਰਸ ਰੈਪੋ ਦਰ ਨੂੰ 3.35 ਫੀਸਦ 'ਤੇ ਬਰਕਰਾਰ ਰੱਖਿਆ ਹੈ। ਆਰਬੀਆਈ ਨੇ ਹਾਲਾਂਕਿ ਸਾਫ਼ ਕਰ ਦਿੱਤਾ ਕਿ ਕੋਵਿਡ-19 ਦੀ ਮਾਰ ਝੱਲ ਰਹੇ ਅਰਥਚਾਰੇ ਨੂੰ ਅੱਗੇ ਵਧਾਉਣ ਲਈ ਲੋੜ ਪੈਣ 'ਤੇ ਨਰਮ ਪਹੁੰਚ ਅਪਣਾਉਂਦਿਆਂ ਨੀਤੀਗਤ ਦਰਾਂ ਵਿੱਚ ਕਟੌਤੀ ਕੀਤੀ ਜਾ ਸਕਦੀ ਹੈ।

ਇਸ ਦੌਰਾਨ ਆਰਬੀਆਈ ਨੇ ਮੌਜੂਦਾ ਵਿੱਤੀ ਸਾਲ ਵਿੱਚ ਅਰਥਚਾਰੇ 'ਚ 9.5 ਫੀਸਦ ਦਾ ਨਿਘਾਰ ਆਉਣ ਦੀ ਵੀ ਪੇਸ਼ੀਨਗੋਈ ਕੀਤੀ ਹੈ। ਛੇ ਮੈਂਬਰੀ ਮੁਦਰਾ ਪਾਲਿਸੀ ਕਮੇਟੀ, ਜਿਸ ਵਿੱਚ ਤਿੰਨ ਨਵੇਂ ਮੈਂਬਰ ਹਨ, ਨੇ ਸਰਬਸੰਮਤੀ ਨਾਲ ਨੀਤੀਗਤ ਵਿਆਜ ਦਰਾਂ ਨਾਲ ਕੋਈ ਛੇੜਖਾਨੀ ਨਾ ਕਰਨ ਦਾ ਫੈਸਲਾ ਕੀਤਾ ਹੈ।

ਕੇਂਦਰੀ ਅੰਕੜਾ ਦਫਤਰ (ਸੀਐੱਸਓ) ਵੱਲੋਂ ਜਾਰੀ ਅਨੁਮਾਨਾਂ ਅਨੁਸਾਰ ਪਹਿਲੀ ਤਿਮਾਹੀ ਵਿੱਚ ਕੁੱਲ ਘਰੇਲੂ ਉਤਪਾਦ (ਜੀਡੀਪੀ) ਵਿੱਚ 23.9 ਪ੍ਰਤੀਸ਼ਤ ਦੀ ਗਿਰਾਵਟ ਆਈ ਹੈ। ਬੁੱਧਵਾਰ ਨੂੰ ਸ਼ੁਰੂ ਹੋਈ ਮੁਦਰਾ ਨੀਤੀ ਕਮੇਟੀ ਦੀ ਬੈਠਕ ਤੋਂ ਬਾਅਦ ਆਰਬੀਆਈ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਕਿਹਾ ਹੈ ਕਿ ਭਾਰਤੀ ਆਰਥਿਕਤਾ ਕਰੋਨਾ ਵਿਰੁੱਧ ਮੁਹਿੰਮ ਦੇ ਫ਼ੈਸਲਾਕੁਨ ਪੜਾਅ ਵਿਚ ਦਾਖਲ ਹੋ ਰਹੀ ਹੈ। ਸ੍ਰੀ ਦਾਸ ਨੇ ਕਿਹਾ, ''ਅਪਰੈਲ-ਜੂਨ ਤਿਮਾਹੀ ਵਿੱਚ ਆਰਥਿਕਤਾ ਵਿੱਚ ਆਈ ਗਿਰਾਵਟ ਹੁਣ ਬਹੁਤ ਪਿੱਛੇ ਰਹਿ ਗਈ ਹੈ ਅਤੇ ਆਰਥਿਕਤਾ ਵਿੱਚ ਆਸ ਦੀ ਕਿਰਨ ਨਜ਼ਰ ਆਉਣ ਲੱਗੀ ਹੈ।''

ਇਸ ਤੋਂ ਪਹਿਲਾਂ ਆਰਬੀਆਈ ਨੇ 22 ਮਈ ਨੂੰ ਕੋਵਿਡ-19 ਸੰਕਟ ਤੋਂ ਅਸਰਅੰਦਾਜ਼ ਅਰਥਚਾਰੇ ਵਿੱਚ ਮੰਗ ਨੂੰ ਰਫ਼ਤਾਰ ਦੇਣ ਦੇ ਇਰਾਦੇ ਨਾਲ ਨੀਤੀਗਤ ਦਰ ਵਿੱਚ ਕਟੌਤੀ ਕੀਤੀ ਸੀ। ਇਸ ਕਟੌਤੀ ਮਗਰੋਂ ਨੀਤੀਗਤ ਦਰ ਹੁਣ ਤੱਕ ਦੇ ਸਭ ਤੋੋਂ ਹੇਠਲੇ ਪੱਧਰ 'ਤੇ ਪਹੁੰਚ ਗਈ ਸੀ।

-ਪੀਟੀਆਈ

Have something to say? Post your comment