English Hindi October 24, 2020

ਦੁੱਖ ਸੁੱਖ ਪਰਦੇਸਾਂ ਦੇ

ਨਿਊਜ਼ੀਲੈਂਡ ਵਿੱਚ 51 ਬੇਗੁਨਾਹਾਂ ਨੂੰ ਮਾਰਨ ਵਾਲੇ ਹੱਤਿਆਰੇ ਨੂੰ ਉਮਰ ਕੈਦ, ਪੈਰੋਲ ਕਦੇ ਵੀ ਨਹੀਂ ਮਿਲੇਗੀ

August 27, 2020 10:48 AM

ਵੈਲਿੰਗਟਨ, 27 ਅਗਸਤ
ਨਿਊਜ਼ੀਲੈਂਡ ਦੇ ਕ੍ਰਾਈਸਟਚਰਚ ਸ਼ਹਿਰ ਵਿਚ ਦੋ ਮਸਜਿਦਾਂ 'ਤੇ ਹਮਲਾ ਕਰਨ ਅਤੇ ਬੇਦੋਸ਼ੇ ਲੋਕਾਂ ਨੂੰ ਬੇਰਹਿਮੀ ਨਾਲ ਭੁੰਨਣ ਵਾਲੇ ਸ਼ਖਸ ਨੂੰ ਅੱਜ ਉਮਰਕੈਦ ਦੀ ਸਜ਼ਾ ਸੁਣਾਈ ਗਈ ਹੈ। ਇਸ ਸਜ਼ਾ ਦੇ ਦੌਰਾਨ ਉਸ ਨੂੰ ਪੈਰੋਲ ਨਹੀਂ ਮਿਲੇਗੀ। ਸਜ਼ਾ ਸੁਣਾਉਂਦੇ ਹੋਏ ਜੱਜ ਨੇ ਕਿਹਾ ਕਿ ਇਹ ਅਣਮਨੁੱਖੀ ਅਤੇ ਸ਼ੈਤਾਨੀ ਭਰਿਆ ਕਾਰਾ ਹੈ। ਬ੍ਰੈਂਟਨ ਟੈਰੇਂਟ ਨਾਮਕ ਨੇ ਫੇਸਬੁੱਕ 'ਤੇ ਲਾਈਵ ਹੋਕੇ ਪਿਛਲੇ ਸਾਲ ਮਾਰਚ ਵਿਚ ਮਸਜਿਦ 'ਤੇ ਹਮਲਾ ਕੀਤਾ ਸੀ ਅਤੇ 51 ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ।

ਨਿਊਜ਼ੀਲੈਂਡ ਵਿੱਚ ਅਜਿਹਾ ਪਹਿਲਾਂ ਕਦੇ ਨਹੀਂ ਵਾਪਰਿਆ ਸੀ। । 29 ਸਾਲਾ ਬੰਦੂਕਧਾਰੀ ਆਸਟ੍ਰੇਲੀਆਈ ਬ੍ਰੈਂਟਨ ਟੈਰੇਂਟ ਨੇ ਅੱਜ ਅਦਾਲਤ ਵਿਚ ਸਜ਼ਾ ਸੁਣਾਏ ਜਾਣ ਸਮੇਂ ਵਿਰੋਧ ਨਹੀਂ ਕੀਤਾ। ਬ੍ਰੈਂਟਨ ਵੱਲੋਂ ਸਜ਼ਾ ਦਾ ਵਿਰੋਧ ਨਾ ਕੀਤੇ ਜਾਣ 'ਤੇ ਲੋਕ ਹੈਰਾਨ ਸਨ।ਸੁਣਵਾਈ ਦੌਰਾਨ ਬ੍ਰੈਂਟਨ ਬਿਨਾਂ ਹਿਲੇ ਬੈਠਿਆ ਰਿਹਾ ਆਪਣੇ ਖਿਲਾਫ਼ ਗਵਾਹਾਂ ਦੇ ਬਿਆਨ ਸੁਣਦਾ ਰਿਹਾ। ਕਦੇ ਕਦੇ ਮੂੰਹ ਅੱਗੇ ਹੱਥ ਰੱਖ ਕੇ ਇੰਜ ਹੱਸਦਾ ਸੀ ਜਿਵੇਂ ਚੁਟਕਲੇ ਸੁਣ ਰਿਹਾ ਹੋਵੇ।

ਕੁੱਲ 91 ਲੋਕ ਇਸ ਹਮਲੇ ਦੇ ਗਵਾਹ ਸਨ ਅਤੇ ਉਹਨਾਂ ਨੇ ਆਪਣੇ ਖਾਸ ਲੋਕਾਂ ਨੂੰ ਗਵਾਉਣ ਸਬੰਧੀ ਅਦਾਲਤ ਵਿਚ ਬਹੁਤ ਦਿਲ ਖਿੱਚਣ ਵਾਲਾ ਬਿਆਨ ਦਿੱਤਾ। ਉਹਨਾਂ ਨੇ ਦੱਸਿਆ ਕਿ ਕਿਸ ਤਰ੍ਹਾਂ ਬ੍ਰੈਂਟਨ ਦੇ ਕਾਰਨ ਉਹਨਾਂ ਦੇ ਪਿਆਰਿਆਂ ਨੂੰ ਉਹਨਾਂ ਦੀਆਂ ਅੱਖਾਂ ਦੇ ਸਾਹਮਣੇ ਦੁਨੀਆ ਤੋਂ ਜਾਣਾ ਪਿਆ।

ਜਸਟਿਸ ਕੈਮਰਨ ਮੰਡੇਰ ਨੇ ਕਿਹਾ ਕਿ ਤੁਸੀਂ ਨਫਰਤ ਨਾਲ ਪ੍ਰੇਰਿਤ ਇਨਸਾਨ ਹੋ ਜੋ ਉਹਨਾਂ ਲੋਕਾਂ ਨੂੰ ਨਫਰਤ ਕਰਦਾ ਹੈ, ਜਿਹਨਾਂ ਨੂੰ ਉਹ ਖੁਦ ਤੋਂ ਵੱਖਰਾ ਸਮਝਦਾ ਹੈ। ਤੁਸੀਂ ਆਪਣੇ ਵੱਲੋਂ ਕੀਤੇ ਗਏ ਕਤਲੇਆਮ ਦੀ ਕੋਈ ਮੁਆਫੀ ਨਹੀਂ ਮੰਗੀ। ਜਸਟਿਸ ਕੈਮਰਨ ਮੰਡੇਰ ਨੇ ਕਿਹਾ ਕਿ ਤੁਸੀਂ ਸਮੂਹਿਕ ਕਤਲ ਕੀਤਾ, ਤੁਸੀਂ ਨਿਹੱਥੇ ਅਤੇ ਰੱਖਿਆਹੀਣ ਲੋਕਾਂ ਦੀ ਹੱਤਿਆ ਕੀਤੀ। ਉਹਨਾਂ ਦਾ ਨੁਕਸਾਨ ਅਸਹਿ ਹੈ। ਤੁਹਾਡੇ ਕੰਮਾਂ ਨੇ ਕਈ ਪਰਿਵਾਰਾਂ ਨੂੰ ਤਬਾਹ ਕਰ ਦਿੱਤਾ ਹੈ। ਜਸਟਿਸ ਮੰਡੇਰ ਦੇ ਬਿਆਨ ਦੇ ਬਾਅਦ ਜਨਤਕ ਗੈਲਰੀ ਵਿਚ ਮੌਜੂਦ ਕੁਝ ਪੀੜਤ ਰੋਣ ਲੱਗ ਪਏ। ਜਸਟਿਸ ਮੰਡੇਰ ਨੇ ਇਸ ਹਮਲੇ ਵਿਚ ਜਾਨ ਗਵਾਉਣ ਵਾਲੇ ਅਤੇ ਜ਼ਖਮੀ ਲੋਕਾਂ ਨੂੰ ਮੌਖਿਕ ਸ਼ਰਧਾਂਜਲੀ ਦਿੱਤੀ। ਉਹਨਾਂ ਨੇ ਕਿਹਾ, ''ਅਦਾਲਤ ਦਾ ਧਿਆਨ ਜਵਾਬਦੇਹੀ, ਨਿੰਦਾ ਅਤੇ ਭਾਈਚਾਰੇ ਦੀ ਸੁਰੱਖਿਆ ਦੇ ਲਈ ਕੇਂਦਰਿਤ ਹੋਣਾ ਚਾਹੀਦਾ ਹੈ।

ਇਹ ਹਮਲਾ ਇੰਨਾ ਭਿਆਨਕ ਸੀ ਕਿ ਇਸ ਨੇ ਪੂਰੇ ਮੁਸਲਿਮ ਭਾਈਚਾਰੇ ਨੂੰ ਹਿਲਾ ਕੇ ਰੱਖ ਦਿੱਤਾ ਸੀ। ਇਸ ਮਗਰੋਂ ਅੰਤਰਰਾਸ਼ਟਰੀ ਭਾਈਚਾਰੇ ਅਤੇ ਸਥਾਨਕ ਲੋਕਾਂ ਨੇ ਪ੍ਰਭਾਵਿਤਾਂ ਦੇ ਨਾਲ ਇਕਜੁੱਟਤਾ ਦਿਖਾਈ। ਉਦੋਂ ਹੀ ਪ੍ਰਧਾਨ ਮੰਤਰੀ ਜੈਸਿੰਡਾ ਅਰਡਰਨ ਨੇ ਬੰਦੂਕ ਕਾਨੂੰਨ ਵਿਚ ਤਬਦੀਲੀ ਦੀ ਗੱਲ ਕਹੀ ਸੀ। ਇਕ ਪ੍ਰੈੱਸ ਕਾਨਫਰੰਸ ਵਿਚ ਅਰਡਰਨ ਨੇ ਕਿਹਾ ਸੀ ਕਿ ਇਸ ਹਮਲੇ ਨੂੰ ਅੰਜਾਮ ਦੇਣ ਵਾਲੇ ਲੋਕਾਂ ਲਈ ਦੇਸ਼ ਵਿਚ ਕੋਈ ਜਗ੍ਹਾ ਨਹੀਂ ਹੈ। ਇਸ ਫੈਸਲੇ ਨੂੰ ਨਿਊਜ਼ੀਲੈਂਡ ਦੇ ਕਾਨੂੰਨੀ ਇਤਿਹਾਸ ਵਿਚ ਇਕ ਅਸਧਾਰਨ ਫੈਸਲਾ ਮੰਨਿਆ ਜਾ ਰਿਹਾ ਹੈ।
- ਏਜੰਸੀਆਂ

Have something to say? Post your comment