English Hindi October 28, 2020

ਦੁੱਖ ਸੁੱਖ ਪਰਦੇਸਾਂ ਦੇ

ਰੂਸ ਨੇ ਤਿਆਰ ਕੀਤੀ ਕੋਵਿਡ-19 ਦੇ ਇਲਾਜ ਲਈ ਵਿਸ਼ਵ ਦੀ ਪਹਿਲੀ ਦਵਾਈ, ਭਰੋਸੇਯੋਗਤਾ ਉਪਰ ਉਠਣ ਲਗੇ ਸਵਾਲ

August 12, 2020 10:38 AM

ਮਾਸਕੋ/ ਵਾਸ਼ਿੰਗਟਨ, 11 ਅਗਸਤ
ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਦੇ ਅੱਜ ਇਹ ਐਲਾਨ ਕਰਨ ਕਿ ਰੂਸ ਨੇ ਕੋਵਿਡ -19 ਦੇ ਇਲਾਜ ਲਈ ਵਿਸ਼ਵ ਦੀ ਪਹਿਲੀ ਵੈਕਸੀਨ 'ਸਪੂਤਨਿਕ V' ਤਿਆਰ ਕਰ ਲਈ ਹੈ, ਬਾਅਦ ਕਈ ਦੇਸ਼ਾਂ ਨੇ ਇਸ ਦੀ ਭਰੋਸੇਯੋਗਤਾ ਉਪਰ ਉੰਗਲ ਉਠਾਉਣਾ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਇੱਕ ਧੀ ਨੂੰ ਪਹਿਲਾਂ ਹੀ ਇਹ ਵੈਕਸੀਨ ਦਿੱਤੀ ਜਾ ਚੁੱਕੀ ਹੈ। ਸ੍ਰੀ ਪੂਤਿਨ ਨੇ ਇਹ ਦਾਅਵਾ ਇੱਕ ਸਰਕਾਰੀ ਮੀਟਿੰਗ ਦੌਰਾਨ ਕੀਤਾ ਅਤੇ ਇਸ ਨੂੰ 'ਵਿਸ਼ਵ ਲਈ ਇੱਕ ਬਹੁਤ ਮਹੱਤਵਪੂਰਨ ਕਦਮ' ਦੱਸਿਆ।

ਹੁਣ ਇਸ ਗੱਲ 'ਤੇ ਵੀ ਬਹਿਸ ਹੋ ਰਹੀ ਹੈ ਕਿ ਸਰਕਾਰ ਨੇ ਨਿਯਮ ਤਾਕ 'ਤੇ ਰੱਖ ਦਿੱਤੇ ਹਨ ਤੇ ਇਹ ਲੋਕਾਂ ਦੀ ਜਾਨ ਨੂੰ ਖ਼ਤਰੇ 'ਚ ਪਾ ਸਕਦੀ ਹੈ। ਵਿਸ਼ਵ ਸਿਹਤ ਸੰਸਥਾ ਦੇ ਮੁੱਖੀ ਨੇ ਕੱਲ ਪੁਤਿਨ ਦੇ ਐਲਾਨ ਬਾਅਦ ਵਾਸ਼ਿੰਗਟਨ ਵਿੱਚ ਦੌਰੇ ਦੌਰਾਨ ਕਿਹਾ ਕਿ ਉਨਾਂ ਨੂੰ ਇਸ ਦਵਾਈ ਦੀ ਬਣਤਰ ਸਬੰਧੀ ਕੋਈ ਜਾਣਕਾਰੀ ਨਹੀਂ ਤਾਂ ਜੋ ਇਸ ਦੀ ਸਾਰਥਿਕਤਾ ਪਰਖ ਕੇ ਇਸ ਨੂੰ ਮਾਨਤਾ ਦਿੱਤੀ ਜਾ ਸਕੇ। ਉਨਾਂ ਬਰਾਜ਼ੀਲ ਨੂੰ ਵੀ ਸਲਾਹ ਦਿੱਤੀ ਕਿ ਜਦ ਤੱਕ ਇਸ ਦਵਾਈ ਦੇ ਦੂਜੇ ਤੇ ਤੀਜੇ ਦੌਰ ਦੇ ਟਰਾਇਲ ਮੁਕੰਮਲ ਹੋ ਕੇ ਨਤੀਜੇ ਹਾਸਲ ਨਹੀਂ ਹੋ ਜਾਂਦੇ, ਉਦੋਂ ਤੱਕ ਇਸ ਨੂੰ ਖਰੀਦਣ ਦਾ ਸੌਦਾ ਨਾ ਕੀਤਾ ਜਾਏ।

ਮਾਹਿਰਾਂ ਦਾ ਕਹਿਣਾ ਹੈ ਕਿ ਇੱਕ ਵੈਕਸੀਨ ਦੇ ਟਰਾਇਲ 'ਚ ਕਈ ਸਾਲ ਲੱਗ ਜਾਂਦੇ ਹਨ ਤੇ ਸਰਕਾਰ ਨੇ ਦੋ ਮਹੀਨਿਆਂ 'ਚ ਹੀ ਸਾਰੀ ਪ੍ਰਕਿਰਿਆ ਪੂਰੀ ਕਰ ਦਿੱਤੀ ਹੈ। ਦੂਜੇ ਪਾਸੇ, ਰੂਸ ਦਾ ਦਾਅਵਾ ਹੈ ਕਿ ਇਹ ਸਭ ਇਸ ਲਈ ਜਲਦੀ ਸੰਭਵ ਹੋ ਸਕਿਆ ਕਿਉਂਕਿ ਇਸਦੇ ਕੋਵਿਡ-19 ਉਮੀਦਵਾਰ ਨੇ 'ਮਿਡਲ ਈਸਟ ਰੈਸਪੀਰੇਟਰੀ ਡਿਸੀਜ਼' (ਐੱਮਈਆਰਐੱਸ) ਦੀ ਟੈਸਟਿੰਗ (ਜੋ ਇੱਕ ਕਰੋਨਾਵਾਇਰਸ ਕਿਸਮ ਤੋਂ ਹੀ ਪੈਦਾ ਹੋਈ ਸੀ) ਵਿੱਚ ਵੀ ਹਿੱਸਾ ਲਿਆ ਸੀ ਤੇ ਜਿਸ ਬਾਰੇ ਪਹਿਲਾਂ ਹੀ ਕਾਫ਼ੀ ਟੈਸਟਿੰਗ ਹੋ ਚੁੱਕੀ ਹੈ।

ਅੱਜ ਸ੍ਰੀ ਪੂਤਿਨ ਨੇ ਕਰੋਨਾਵਾਇਰਸ ਖ਼ਿਲਾਫ਼ ਇਹ ਵੈਕਸੀਨ ਤਿਆਰ ਕਰਨ 'ਚ ਲੱਗੇ ਸਾਰੇ ਵਿਅਕਤੀਆਂ ਦਾ ਧੰਨਵਾਦ ਕਰਦਿਆਂ ਆਸ ਪ੍ਰਗਟਾਈ ਕਿ ਰੂਸ ਜਲਦੀ ਹੀ ਇਸ ਵੈਕਸੀਨ ਦਾ ਵੱਡੇ ਪੱਧਰ 'ਤੇ ਉਤਪਾਦਨ ਕਰਨ ਯੋਗ ਹੋਵੇਗਾ।

ਇਸ ਦੌਰਾਨ ਰਸ਼ੀਅਨ ਡਾਇਰੈਕਟ ਇਨਵੈਸਟਮੈਂਟ ਫੰਡ (ਆਰਡੀਆਈਐੱਫ) ਦੇ ਮੁਖੀ ਕਿਰਿੱਲ ਦਿਮਿਤਰੀਏਵ ਨੇ ਕਿਹਾ ਕਿ 20 ਮੁਲਕਾਂ ਨੇ ਇਸ ਵੈਕਸੀਨ 'ਚ ਰੁਚੀ ਵਿਖਾਈ ਹੈ। ਇਨ੍ਹਾਂ 'ਚ ਬ੍ਰਾਜ਼ੀਲ, ਭਾਰਤ ਤੇ ਹੋਰ ਕਈ ਦੇਸ਼ ਸ਼ਾਮਲ ਹਨ ਜਦਕਿ ਬਰਤਾਨੀਆ ਆਪਣੇ ਲੋਕਾਂ ਲਈ ਰੂਸ ਦੀ ਇਹ ਵੈਕਸੀਨ ਦੀ ਵਰਤੋਂ ਲਈ ਤਿਆਰ ਨਹੀਂ ਹੈ।

ਅਮਰੀਕਾ ਦੇ ਸਿਹਤ ਤੇ ਮਨੁੱਖੀ ਸੇਵਾਵਾਂ ਬਾਰੇ ਸਕੱਤਰ ਅਲੈਕਸ ਅਜ਼ਾਰ ਨੇ ਕਿਹਾ ਕਿ ਕਰੋਨਾਵਾਇਰਸ ਦੇ ਇਲਾਜ ਲਈ ਪਹਿਲੀ ਵੈਕਸੀਨ ਤਿਆਰ ਕਰਨ ਦੀ ਬਜਾਇ ਜ਼ਿਆਦਾ ਸੁਰੱਖਿਅਤ ਤੇ ਪ੍ਰਭਾਵਸ਼ਾਲੀ ਵੈਕਸੀਨ ਤਿਆਰ ਕਰਨੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ ਅਮਰੀਕਾ ਵਿੱਚ 'ਅਪਰੇਸ਼ਨ ਰੈਪ ਸਪੀਡ' ਮੁਹਿੰਮ ਤਹਿਤ ਛੇ ਵੈਕਸੀਨਾਂ 'ਤੇ ਕੰਮ ਚੱਲ ਰਿਹਾ ਹੈ।ਇਸ ਦੌਰਾਨ ਵਾਈ੍ਹਟ ਹਾਊਸ ਦੀ ਕਾਊਂਸਲਰ ਕੇਲਯਾਨ ਕੌਨਵੇ ਨੇ ਰੂਸ ਵੱਲੋਂ ਕੋਵਿਡ- 19 ਵੈਕਸੀਨ ਤਿਆਰ ਕਰਨ ਸਬੰਧੀ ਵਰਤੀ ਗਈ ਟੈਸਟਿੰਗ ਪ੍ਰਣਾਲੀ 'ਤੇ ਵੀ ਖਦਸ਼ਾ ਜ਼ਾਹਰ ਕੀਤਾ। -ਏਪੀ
- ਏਜੰਸੀਆਂ

Have something to say? Post your comment